ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਰਹਿਮਤ ਸਦਕਾ
ਸਰਬੱਤ ਦਾ ਭਲਾ ਸੇਵਾ ਦਲ ਦਾ ਗਠਿਨ (ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲੇ)


ਵਿਚਿ ਦੁਨੀਆ ਸੇਵ ਕਮਾਈਐ। ਤਾ ਦਰਗਾਹ ਬੈਸਣ ਪਾਈਐ॥
ਗੁਰਮਤਿ ਦਾ ਕੇਂਦਰੀ ਧੁਰਾ ਹੀ ਸੇਵਾ ਤੇ ਸਿਮਰਨ ਹੈ। ਗੁਰਸਿੱਖ ਲਈ ਬਖਸ਼ੇ ਤਿੰਨ ਸੁਨਹਿਰੀ ਅਸੂਲ ਨਾਮ-ਦਾਨ-ਇਸ਼ਨਾਨ ਵੀ ਸਾਨੂੰ ਆਤਮਿਕ ਉਨਤੀ ਤੇ ਪ੍ਰਭੂ ਮਿਲਾਪ ਲਈ ਨਾਮ ਸਿਮਰਨ ਤਨ ਦੀ ਅਰੋਗਤਾ ਲਈ ਇਸ਼ਨਾਨ ਕਰਨ ਅਤੇ ਹਥਹੁ ਦੇ ਕੈ ਪਸਲਾ ਮਨਾਵੈ॥ ਚਾa-ਸ਼ਰਧਾ, ਪ੍ਰੇਮ ਸਦਕਾ ਮਾਨਵਤਾ ਦੀ ਸੇਵਾ ਵੱਲੋਂ ਪ੍ਰੇਰਿਤ ਕਰਦੇ ਹਨ। ਗਿਰਸਿੱਖੀ ਦਾ ਮਾਰਗ ਹੀ ਘਾਲਿ ਖਾਇ ਸੇਵਾ ਕਰੈ॥ ਵਾਲਾ ਹੈ।ਸੇਵਾ-ਸਿਮਰਨ ਨਾਲ ਹੀ ਮਨ ਨਿਰਮਲ ਹੁੰਦਾ ਹੈ ਅਸੀਂ ਪ੍ਰਭੂ ਬਖਸ਼ਸ਼ ਅਤੇ ਸਤਿਗੁਰਾਂ ਦੇ ਪਿਆਰ ਦੇ ਪਾਤਰ ਬਣ ਸਕਦੇ ਹਾਂ। ਸੇਵਾ, ਦਯਾ ਦੀ ਹੀ ਉਪਜ ਹੈ, ਜਿਸ ਵਿੱਚੋਂ ਧਰਮ ਵਾਲਾ ਦੈਵੀ ਗੁਣ ਪੈਦਾ ਹੁੰਦਾ ਹੈ।ਧੋਲ ਧਰਮੁ ਦਇਆ ਕਾ ਪੂਤ॥ ਸੇਵਾ ਨਾ ਕਰਨ ਬਦਲੇ ਗੁਰਬਾਣੀ ਅੰਦਰ ਤਾੜਣਾ ਵੀ ਕੀਤੀ ਗਈ ਹੈ, ਮਿਥਿਆ ਤਨ ਨਹੀਂ ਪਰਉਪਕਾਰਾ ਤੇ ਬਿਨ ਸੇਵਾ ਧ੍ਰਿਗ ਹਥ ਪੈਰ ਹੋਰ ਨਿਹਫਲ ਕਰਨੀ॥

ਵਾ ਦੇ ਅਨੇਕ ਰੂਪ ਹਨ। ਜਿੱਥੇ ਅਸੀਂ ਗੁਰੂ ਘਰਾਂ ਅੰਦਰ ਲੰਗਰ, ਜੋੜਾ ਘਰ, ਸਫਾਈ ਆਦਿ ਰਾਹੀਂ ਸੰਗਤ ਦੀ ਸੇਵਾ ਕਰਦੇ ਹਾਂ, ਉਥੇ ਗੁਰਬਾਣੀ ਪੜ੍ਹਣੀ ਤੇ ਇਸਦੇ ਅਰਥ ਸਮਝਾਉਣ ਗੁਰ ਇਤਿਹਾਸ ਤੇ ਗੁਰਮਤਿ ਸਿਧਾਂਤ ਸਮਝਾਉਣ, ਕੀਰਤਨ ਸਿਖਾਉਣ, ਲੋੜਵੰਦ ਬਿਮਾਰਾਂ, ਬੇਸਹਾਰਾ ਬੱਚਿਆਂ, ਅਪਾਹਿਜਾਂ, ਬਿਰਧਾਂ ਆਦਿ ਜੀ ਦੇਖਭਾਲ ਕਰਕੇ ਗੁਰੂ ਬਖਸ਼ਸ਼ ਦੇ ਪਾਤਰ ਬਣ ਸਕਦੇ ਹਾਂ। ਇਸਤੋਂ ਇਲਾਵਾ ਦੂਜਿਆਂ ਨੂੰ ਪ੍ਰਚਾਰ ਤੇ ਲਿਖਤੀ ਰੂਪ ਵਿਚ ਗੁਰਮਤਿ ਦੀ ਸੋਝੀ ਲਈ ਕਲਿਆਣਕਾਰੀ ਸੇਧਾਂ ਦੇ ਕੇ ਮਨਮਤ, ਭਰਮ, ਅੰਧ ਵਿਸ਼ਵਾਸ ਤੇ ਪਾਖੰਡ ਆਦਿ ਰਾਹੀਂ ਭਟਕਣ ਤੋਂ ਬਚਾਉਣ ਦੇ ਕਾਰਜਾਂ ਰਾਹੀਂ ਸੇਵਾ ਕੀਤੀ ਜਾ ਸਕਦੀ ਹੈ। ਸੇਵਾ ਹੀ ਸਾਨੂੰ ਹਉਮੈ, ਮੋਹ-ਮਮਤਾ ਤੋਂ ਦੂਰ ਕਰਕੇ ਸਾਡੇ ਮਨਾਂ ਅੰਦਰੋਂ ਖੁਦਗਰਜ਼ੀ, ਸਵਾਰਥ, ਈਰਖਾ, ਬੈਰ ਵਿਰੋਧ ਆਦਿ ਦੂਰ ਕਰਕੇ।

ਸਗਲ ਸੰਗਿ ਹਮ ਕਉ ਬਨਿਆਈ॥ ਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਦੇ ਸੰਦੇਸ਼ ਰਾਹੀਂ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦੇ ਗੁਣ ਪੈਦਾ ਕਰਦੀ ਹੈ। ਸੇਵਾ ਸਿਮਰਨ ਸਦਕਾ ਹੀ ਅਸੀਂ ਤ੍ਰੈਗੁਣ ਮਾਇਆ ਦੇ ਪ੍ਰਭਾਵ ਤੋਂ ਉਠ ਕੇ ਆਤਮਿਕ ਆਨੰਦ। ਤੇ ਧਰਮ ਦਾ ਸਹੀ ਮਾਰਗ ਪਾ ਕੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਬਣ ਸਕਦੇ ਹਾਂ।
ਸਰਬੱਤ ਦਾ ਭਲਾ ਸੇਵਾ ਦਲ ਦਾ ਗਠਿਨ ਸਮੁੱਚੀ ਮਾਨਵਤਾ ਦੀ ਅਨਿਕ ਭਾਂਤ ਸੇਵਾ ਵਾਸਤੇ ਕੀਤਾ ਗਿਆ ਹੈ। ਗਠਨਿ ਦੇ ਪਹਿਲੇ ਹੀ ਦਿਨ ਜਿਸ ਤਰ੍ਹਾਂ ਸੰਗਤਾਂ ਨੇ ਭਾਰੀ ਉਮਾਹ, ਉਤਸ਼ਾਹ ਤੇ ਚਾਉ ਦਿਖਾਉਂਦਿਆਂ ਵੱਧ ਤੋਂ ਵੱਧ ਮੈਂਬਰਸ਼ਿਪ ਹਾਸਲ ਕੀਤੀ ਤੇ ਆਰਥਿਕ ਸਹਿਯੋਗ ਦੇਣ ਲਈ ਵੱਚਨਬਧਤਾ ਨੂੰ ਦੁਹਰਾਇਆ, ਉਸਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਬਖਸ਼ਿਸ਼ ਤੇ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਚਿਤਵੇ ਪ੍ਰਉਪਕਾਰੀ ਕਾਰਜਾਂ ਨੂੰ ਪੂਰਾ ਕਰਨ ਵਿੱਚ ਜਰੂਰ ਸਫਲਤਾ ਪ੍ਰਾਪਤ ਕਰ ਲਵਾਂਗੇ। ਸੇਵਾ ਦਲ ਸਿਆਸਤ ਤੋਂ ਉੱਪਰ ਉਠ ਕੇ ਧਰਮ ਨਿਰਪੇਖਤਾ ਰਾਹੀਂ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਦੇਸ਼-ਵਿਦੇਸ਼ ਅੰਦਰ ਇਕ ਲਹਿਰ ਬਣ ਕੇ ਉਭਰੇਗਾ। ਘਰਮਾਂ, ਜਾਤਾਂ, ਵਰਗਾਂ ਤੇ ਵਿਤਕਰੇ ਤਿਆਗ ਕੇ ਇਹ ਸੇਵਾ ਦਲ ਸਰਬਸਾਂਝਾ ਤੇ ਸੰਗਤਾਂ ਦੀ ਆਪਣੀ ਸੰਸਥਾ ਹੈ। ਪਿੰਡਾਂ ਤੇ ਸ਼ਹਿਰਾਂ ਅੰਦਰ ਇਸ ਦੀਆਂ ਇਕਾਈਆਂ ਸਥਾਪਤ ਕਰਕੇ ਇਸਦੇ ਘੇਰੇ ਨੂੰ ਵਿਸ਼ਾਲ ਕੀਤਾ ਜਾਵੇਗਾ। ਹਰ ਭੈਣ ਤੇ ਵੀਰ ਮੈਂਬਰ ਬਣ ਕੇ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।

ਸੇਵਾ ਦਲ ਜਿੱਥੇ ਹਰ ਸਾਲ ਮਾਰਚ ਮਹੀਨੇ ਦੀ ਪੂਰਨਮਾਸ਼ੀ ਸਮਧ ਗੁਰਦੁਆਰਾ ਗੁਰਪ੍ਰਕਾਸ਼ ਖੇੜੀ (ਸੰਗਰੂਰ) ਵਿਖੇ ਚਾਰ ਰੋਜਾ ਧਾਰਮਿਕ ਸਮਾਗਮ ਆਯੋਜਿਤ ਕਰਕੇ ਮਹਾਨ ਨਗਰ ਕੀਰਤਨ, ਮੁਫਤ ਮੈਡੀਕਲ ਕੈਂਪ, ਖੂਨਦਾਨ ਕੈਂਪ, ਲੋੜਵੰਦਾਂ ਦੀ ਆਰਥਿਕ ਸਹਾਇਤਾ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੀਆਂ 101 ਲੜਕੀਆਂ ਵਿਆਹ ਆਦਿ ਸੇਵਾ ਦੇ ਕਾਰਜ ਕਰਦਾ ਰਹੇਗਾ। ਉਥੇ ਪਹਿਲੇ ਪੜਾਵ ਦੇ ਤੌਰ ਤੇ ਉਕਤ ਸੇਵਾ ਦੇ ਕਾਰਜ ਪਿੰਡ ਕੱਟੂ (ਜਿਲ੍ਹਾ ਬਰਨਾਲਾ) ਕੀਤੇ ਜਾ ਰਹੇ ਹਨ ਕਿਉਂਕਿ ਬਾਬਾ ਵੀ ਵੱਲੋਂ ਗੁਰਮਤਿ ਪ੍ਰਚਾਰ ਦੀ ਅਰੰਭਤਾ ਵੀ 1996 ਵਿੱਚ ਪਿੰਡ ਕੱਟੂ ਤੋਂ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਸਮੇਂ-ਸਮੇਂ ਪਿੰਡਾਂ, ਸ਼ਹਿਰਾਂ ਵਿਖੇ ਵੱਖ ਵੱਖ ਇਲਾਕਿਆਂ ਵਿੱਚ ਉਥੇ ਦੀ ਸੰਗਤ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾਣਗੇ। ਸੰਗਤਾਂ ਦੇ ਦਿੱਤੇ ਦਸਵੰਧ ਨਾਲ ਹੀ ਇਹ ਕਾਰਜ ਨੇਪਰੇ ਚੜਣੇ ਹਨ। ਆਸ ਹੈ ਕਿ ਸੰਗਤਾਂ ਦਿਖਾਏ ਉਤਸ਼ਾਹ ਨੂੰ ਮੱਠਾ ਨਹੀਂ ਪੈਣ ਦੇਣਗੀਆਂ। ਸਗੋਂ ਹਰ ਚੜ੍ਹਦੇ ਸੂਰਜ ਸਵਾਇਆ ਜੋਸ਼ ਤੇ ਉਤਸ਼ਾਹ ਦਿਖਾਉਂਦੀਆਂ ਰਹਿਣਗੀਆਂ।
ਆਸ ਹੈ ਕਿ ਸੇਵਾ ਦਲ ਦੇ ਇਸ ਮਿਸ਼ਨ ਨੂੰ ਵਧਾਉਣ ਲਈ ਸੰਗਤਾਂ ਹਮੇਸ਼ਾਂ ਤਨ-ਮਨ-ਧਨ ਰਾਹੀਂ ਪੂਰਨ ਸਹਿਯੋਗ ਦੇਣਗੀਆਂ।

ਗੁਰਮਤਿ ਦੇ ਪ੍ਰੀਪੇਖ ਵਿੱਚ ਸੇਵਾ

ਗੁਰਮਤਿ ਅੰਦਰ ਸੇਵਾ ਤੇ ਸਿਮਰਨ ਦੇ ਸਿੱਖੀ ਦੇ ਥੰਮ, ਮੁੱਢਲੇ ਸਿਧਾਂਤ ਤੇ ਕੇਂਦਰੀ ਧੁਰਾ ਹਨ। ਜਿੰਨ੍ਹਾਂ ਦੁਆਲੇ ਗੁਰਸਿੱਖ ਦਾ ਸਮੁੱਚਾ ਜੀਵਨ ਕੇਂਦਰਿਤ ਰਹਿੰਦਾ ਹੈ। ਗੁਰਬਾਣੀ ਅਨੁਸਾਰ ਸਿੱਖ ਅਥਵਾ ਸੇਵਕ ਉਹ ਹੀ ਹੈ, ਜੋ ਸੇਵਾ ਅਤੇ ਸਿਮਰਨ ਕਰੇ। ਸਿੱਖੀ ਅੰਦਰ ਇਹ ਦੋਨੋਂ ਸਮਾਨ ਅਰਥਕ ਸ਼ਬਦ ਹਨ। ਸਿਮਰਨ ਅਸੀਂ ਦਾਤਾਰ ਪਾਤਸ਼ਾਹ ਦਾ ਕਰਨਾ ਹੈ ਸਿੱਖੀ ਸੇਵਾਦਾਰ ਹੈ ਪਿਆਰ, ਦਾਨ, ਪਰਉਪਕਾਰਤਾ, ਸਮਾਨਤਾ, ਏਕਤਾ, ਦਯਾ, ਭਰਾਤਰੀ ਪਾਵ, ਤਿਆਗ ਤੇ ਕੁਰਬਾਨੀ ਆਦਿ ਸੇਵਾ ਦੇ ਬਹੁਤ ਰੂਪ ਹਨ। ਸੇਵਾ ਪ੍ਰੇਮ ਪਿਆਰ ਦੇ ਜਜਬੇ ਵਿੱਚੋਂ ਪੈਦਾ ਹੁੰਦੀ ਹੈ। ਗੁਰੂ ਦੀ ਸੇਵਾ ਤੇ ਸੰਗਤ ਦੀ ਸੇਵਾ ਵਿੱਚ ਕੋਈ ਭੇਦ ਨਹੀਂ ਕਿਉਂਕਿ ਗੁਰਮਤਿ ਅਨੁਸਾਰ ਸੰਗਤ ਦੀ ਸੇਵਾ ਬਿਨਾਂ ਗੁਰੂ ਦੀ ਸੇਵਾ ਤੋਂ ਹੋ ਹੀ ਨਹੀਂ ਸਕਦੀ। ਸੇਵਾ ਤੋਂ ਭਾਵ ਹੈ, ਉਹ ਕਾਰਜ ਜੋ ਕਿਸੇ ਹੋਰ ਦੇ ਲਾਭ ਲਈ ਕੀਤਾ ਜਾਵੇ। ਸੇਵਾ ਮੁੱਖ ਰੂਪ ਵਿੱਚ ਗੁਰਮਤਿ ਅਨੁਸਾਰ ਮਨ ਤੇ ਮਨ ਨਾਲ ਕੀਤੀ ਜਾ ਸਕਦੀ ਹੈ ਕਿਉਂਕਿ ਸਿੱਖੀ ਅੰਦਰ ਧਨ ਦੀ ਸੇਵਾ ਨੂੰ ਵਿਸ਼ੇਸ਼ ਮਹੱਤਤਾ ਨਹੀਂ ਦਿੱਤੀ ਗਈ। ਸੇਵਾ, ਬਿਨਾਂ ਕਿਸੇ ਦਿਖਾਵੇ, ਸੁਆਰਥ ਵਡਿਆਈ ਤੇ ਖੁਦਗਰਜ਼ੀ ਤੋਂ ਉਪਰ ਉਠ ਕੇ ਨਿਸ਼ਕਾਮ ਤੇ ਭੈ-ਭਾਵਨੀ ਵਿੱਚ ਰਹਿੰਦਿਆਂ ਬਿਨਾਂ ਵਿਤਕਰੇ ਤੋਂ ਭੇਦਭਾਵ ਦੇ ਸਮਾਨ ਰੂਪ ਵਿੱਚ ਨਿਮਰਤਾ ਧਾਰਨ ਕਰਕੇ ਕਰਨੀ ਚਾਹੀਦੀ ਹੈ। ਗੁਰਮਤਿ ਅੰਦਰੋਂ ਹਉਮੈਂ ਰਹਿਤ ਸੇਵਾ ਹੀ ਪ੍ਰਵਾਨ ਹੈ।

ਵਿਚਿ ਹਊਮੇ ਸੇਵਾ ਥਾਇ ਨਾ ਪਾਏ॥ ਜਨਮਿ ਮਰੈ ਫਿਰਿ ਆਵੈ ਜਾਇ॥
ਇਹ ਹਊਮੈਂ ਇੱਕ ਦੀਰਘ ਰੋਗ ਹੈ, ਪਰ ਇਸਦਾ ਇਲਾਜ ਵੀ ਸੇਵਾ ਹੀ ਹੈ। ਹਉਮੈ ਕਈ ਪਰਕਾਰ ਦੀ ਹੈ ਜਿਹੜਾ ਕਿ ਧਾਰਮਿਕ ਹਊਮੈ, ਰਾਜਨੀਤਕ, ਜਾਤਪਾਤ, ਧਨ ਦੌਲਤ, ਪਦਵੀ ਤੇ ਵਿੱਦਿਆ ਆਦਿ ਦੇ ਹਊਮੈ, ਇਹ ਹਊਮੈ ਹੀ ਪ੍ਰਭੂ ਤੇ ਜੀਵ ਦੇ ਵਿਛੋੜੇ ਦਾ ਕਾਰਨ ਬਣਦੀ ਹੈ। ਸੋ ਇਸਤੋਂ ਬਚਾਓ ਨਿਸ਼ਕਾਮ ਸੇਵਾ, ਸਬਰ ਸੰਤੋਖ ਦੀ ਕਮਾਈ ਤੇ ਗੁਰਪ੍ਰਸਾਦਿ ਸਦਕਾ ਪ੍ਰਭੂ ਸਿਮਰਨ ਹੀ ਹੈ। ਸੱਚੀ ਸੇਵਾ ਹਉਮੈ ਰਹਿਤ ਸੰਤੋਖੀ ਪੁਰਸ਼ ਸੱਚ ਨੂੰ ਮੱਦੇਨਜਰ ਰੱਖਕੇ ਹੀ ਕਰ ਸਕਦੇ ਹਨ।
ਸੇਵ ਕੀਤੀ ਸੰਤੋਖੀਈ ਜਿੰਨੀ ਸਚੋ ਸਚੁ ਧਿਆਇਆ॥
ਗੁਰਸਿੱਖ ਦਾ ਫਰਜ਼ ਹੈ ਕਿ ਆਖਰੀ ਸਵਾਸ ਤੱਕ ਸੇਵਾ ਦੇ ਕਾਰਜ਼ ਵਿੱਚ ਜੁਟਿਆ ਰਹੇ।
ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ॥
ਇਹ ਸੇਵਾ ਗ੍ਰਹਿਸਤ ਅੰਦਰ ਰਹਿੰਦਿਆਂ, ਜੀਵਨ ਨਿਰਬਾਹ ਕਰਦਿਆਂ ਗੁਰਸਿੱਖ ਨੇ ਹੱਥ ਕਾਰ ਵੱਲੋਂ, ਸੁਰਤਿ ਕਰਤਾਰ ਵੱਲੋਂ ਦੇ ਕਥਨ ਅਨੁਸਾਰ ਕਰਨੀ ਹੈ। ਸੋ ਗੁਰਸਿੱਖ ਨੇ ਸੁਕਿਰਤ ਕਰਦਿਆਂ ਤਨ ਅਤੇ ਮਨ ਰਾਹੀਂ ਸੇਵਾ ਅਤੇ ਸਿਮਰਨ ਦੋਨਾਂ ਨੂੰ ਇਕੱਠਿਆਂ ਹੀ ਨਿਭਾਉਣਾ ਹੈ। ਜਿਸ ਦੀ ਸੁਖਾਲੀ ਵਿਧੀ ਭਗਤ ਨਾਮਦੇਵ ਜੀ, ਭਗਤ ਤ੍ਰਿਲੋਚਨ ਜੀ ਨੂੰ ਇੰਝ ਸਮਝਾ ਰਹੇ ਹਨ।
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮ੍ਹਾਲਿ।
ਹਾਥ ਪਾਊ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥

ਸੇਵਾ ਤਿੰਨ ਪ੍ਰਕਾਰ ਦੀ ਹੈ।
1. ਸਰੀਰਕ ਸੇਵਾ , 2. ਮਾਨਸਿਕ ਸੇਵਾ, 3. ਆਤਮਿਕ ਸੇਵਾ

1. ਸਰੀਰਕ ਸੇਵਾ : ਇਹ ਉਹ ਸੇਵਾ ਹੈ,ਜਿਸ ਰਾਹੀਂ ਗੁਰਸਿੱਖ ਤਨ ਦੇ ਅੰਗਾਂ ਭਾਵ ਹੱਥਾਂ ਤੇ ਪੈਰਾਂ ਆਦਿ ਰਾਹੀਂ ਕਾਰਜ ਕਰਦਾ ਹੋਇਆ ਕਰਦਾ ਹੈ। ਜਿਵੇਂਕਿ ਲੰਗਰ ਪਕਾਉਣਾ, ਲੰਗਰ ਵਰਤਾਉਣਾ, ਭਾਂਡੇ ਮਾਂਜਣੇ, ਪੱਖਾ ਫੇਰਨਾ, ਪਾਣੀ ਢੋਣਾ, ਝਾੜੂ ਦੇਣਾ, ਜੋੜੇਸਾਂਭਣੇ ਗੁਰੂ ਹੁਕਮ ਵਿੱਚ ਤਨ ਨੂੰ ਲਗਾ ਕੇ ਦਿਨ ਰਾਤ ਹੁਕਮ ਸਤਿ ਸਤਿ ਤੇ ਖਿੜੇ ਮੱਥੇ ਮੰਨਦੇ ਰਹਿਣਾ, ਸਮਾਜ ਭਲਾਈ ਤੇ ਧਾਰਮਿਕ ਖੇਤਰ ਵਿੱਚ ਸੇਵਾ ਨਿਭਾਉਣੀ, ਜੀਵ-ਜੰਤੂਆਂ ਤੇ ਮਨੁੱਖਤਾ ਦੇ ਦੁੱਖ ਦੂਰ ਕਰਨ ਲਈ ਜੁੱਟ ਜਾਣਾ, ਗਰੀਬਾਂ-ਮਜ਼ਲੂਮਾਂ, ਅਨਾਥਾਂ, ਰੋਗੀਆਂ ਤੇ ਲੋੜਵੰਦਾਂ ਆਦਿ ਦੀ ਹੱਥੀ ਸੇਵਾ ਕਰਨੀ ਆਦਿ। ਸਿੱਖ ਇਤਿਹਾਸ ਇਸੇ ਸੇਵਾ ਦੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ, ਜਿਸ ਵਿੱਚ ਗੁਰੂ ਸਾਹਿਬਾਂ ਸਮੇਤ ਹਰਿ ਅਮੀਰ ਗਰੀਬ ਸਿੱਖ ਨੇ ਆਪਣੇ ਫਰਜ਼ ਨਿਬਾਹੇਹਨ। ਇਸ ਸੇਵਾ ਲਈ ਆਪਾਂ ਤਿਆਰ ਕੇ ਨਿਰਸੁਆਰਥ ਤੇ ਨਿਸ਼ਕਾਮ ਬਣਨਾ ਪੈਂਦਾ ਹੈ।
1. ਅਨਿਕ ਭਾਤਿ ਕਰਿ ਸੇਵਾ ਕਰੀਐ॥ ਜੀਉ ਪ੍ਰਾਨ ਧਨੁ ਆਗੈ ਧਰੀਐ॥
2. ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ॥ ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ॥
3. ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ॥
4. ਪਾਣੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ॥
5. ਪਾਨੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ॥
6. ਪਾਨੀ ਪਖਾ ਕਰਉ ਤਜਿ ਅਭਿਮਾਨੁ॥ ਅਨਿਕ ਬਾਰ ਜਾਈਐ ਕੁਰਬਾਨੁ॥
ਇਹ ਸੇਵਾ ਧਨ ਦੀ ਸੇਵਾ ਤੇ ਹੋਰ ਜਪ ਤਪ, ਕਰਮਕਾਂਡਾਂ, ਪੂਜਾ ਅਰਚਾ ਤੋਂ ਸ਼੍ਰੇਸ਼ਟ ਅਤੇ ਉਚੀ ਹੈ -
ਗੁਰ ਸੇਵਾ ਤਪਾ ਸਿਰਿ ਤਪੁ ਸਾਰੁ॥
ਕਿਉਂਕਿ ਇਸ ਸੇਵਾ ਦੇ ਕਰਨ ਨਾਲ ਮਨ ਅੰਦਰ ਨਾਮ ਦਾ ਵਾਸਾ ਹੁੰਦਾ ਹੈ।
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ॥
ਇੱਥੋਂ ਤੱਕ ਕਿ ਸਭ ਗਿਆਨ-ਧਿਆਨ, ਜਪ-ਤਪ ਤੇ ਪ੍ਰਭੂ ਭਗਤੀ ਦਾ ਸਾਧਨ ਇਹ ਸੇਵਾ ਹੀ ਹੈ।
ਗਿਆਨ ਧਿਆਨ ਸਗਲੇ ਸਭਿ ਜਪ ਤਪੁ ਜਿਸੁ ਹਰਿ ਹਿਰਦੈ ਅਲਖ ਅਭੇਵਾ॥
ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ।
ਜੋ ਜੀਵ, ਮਨੁੱਖਾਂ ਜਨਮ ਪ੍ਰਾਪਤ ਕਰਕੇ, ਸਰੀਰ ਰਾਹੀਂ ਪਰਉਪਕਾਰਤਾ ਦੇ ਕਾਰਜ ਅਤੇ ਸੇਵਾ ਸਿਮਰਨ ਨਹੀਂ ਕਰਦੇ, ਉਨ੍ਹਾਂ ਲਈ ਸਖਤ ਤਾੜਣਾ ਵੀ ਕੀਤੀ ਗਈ ਹੈ :
1. ਮਿਥਿਆ ਤਨ ਨਹੀਂ ਪਰਉਪਕਾਰਾ।
2. ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ॥
ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮ ਨ ਭਇਆ॥
3. ਸਤਿਗੁਰ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ॥
ਇਥੇ ਸਤਿਗੁਰ ਸੇਵਿਓ ਤੋਂ ਭਾਵ ਜਿਹੜੇ ਸਤਿਗੁਰਾਂ ਦੀ ਆਗਿਆ ਦਾ ਪਾਲਣ ਨਹੀਂ ਕਰਦੇ। ਸੋ ਸੱਚੇ ਪ੍ਰਭੂ ਦੀ ਪ੍ਰਾਪਤੀ ਤੇ ਪਛਾਣ, ਹੱਥੀਂ ਘਾਲ ਕਮਾਈ ਕਰਦਿਆਂ ਸਾਧ ਸੰਗਤ ਤੇ ਗੁਰ ਸੇਵਾ ਤੋਂ ਹੀ ਹੁੰਦੀ ਹੈ, ਸੰਚ ਦਾ ਮਾਰਗ ਸੇਵਾ ਦਾ ਪੰਧ ਹੀ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਹੈ ਸੋਇ॥
ਅਜਿਹੀ ਸੇਵਾ ਕਰਦਿਆਂ ਗੁਰਸਿੱਖ ਗੁਰਪ੍ਰਸਾਦਿ ਸਦਕਾ ਆਪਣਾ ਲੋਕ-ਪ੍ਰਲੋਕ ਸੰਵਾਰ ਲੈਂਦਾ ਹੈ:
ਗੁਰ ਸੇਵਾ ਤੇ ਸੁਖੁ ਉਪਜੈ ਫਿਰਿ ਦੁਖੁ ਨ ਲਗੈ ਅਇ॥

ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ॥
2. ਮਾਨਸਿਕ ਸੇਵਾ : ਇਹ ਉਹ ਸੇਵਾ ਹੈ ਜਿਸ ਦੁਆਰਾ ਗੁਰਸਿੱਖ ਨੇ ਆਪੇ ਦੇ ਗੁਣਾਂ ਦੀ ਸਾਂਝ, ਦੂਜੇ ਦੇ ਮਨ ਨਾਲ ਪਾਉਣੀ ਹੈ। ਅਰਥਾਤ ਕਿਸੇ ਲਈ ਨਿਸ਼ਕਾਮ ਭਾa ਨਾਲ ਆਪਾ ਵਾਰਨਾ। ਆਪਣਾ ਵਿਗਾੜ ਕੇ ਦੂਸਰਿਆਂ ਦੇ ਕਾਰਜਾਂ ਨੂੰ ਨਿਰਸੁਆਰਥ ਨੇਪਰੇ ਚਾੜਣਾ, ਗੁਰਮਤਿ ਅੰਦਰ ਇਸ ਸੇਵਾ ਨੂੰ ਸਰੀਰਕ ਸੇਵਾ ਨਾਲੋਂ ਵੀ ਉੱਤਮ ਮੰਨਿਆ ਗਿਆ ਹੈ। ਕਿਉਂਕਿ ਇਹ ਤਨ ਅਤੇ ਮਨ ਦੋਨਾਂ ਦੀ ਸਾਂਝ ਨਾਲ ਕੀਤੀ ਜਾਂਦੀ ਹੈ। ਇਸ ਵਿੱਚ ਜਿਨ ਮਨ ਹੋਰ ਮੁਖ ਹੋਰ ਵਰਗਾ ਪਾਖੰਡ, ਦੁਬਿਧਾ ਤੇ ਓਪਰਾਪਨ ਨਹੀਂ ਹੁੰਦਾ, ਸਗੋਂ ਧੁਰ ਹਿਰਦੇ ਤੋਂ ਸੱਚੀ ਲਗਨ, ਸੱਚੀ ਭਾਵਨਾ, ਸੱਚੀ ਖਾਹਿਸ਼ ਤੇ ਸੱਚੀ ਸੰਤੁਸ਼ਟੀ ਸਮਾਈ ਹੁੰਦੀ ਹੈ।
ਮਾਨਸਿਕ ਸੇਵਾ ਅਸੀਂ ਹੇਠ ਲਿਖੇ ਕਾਰਜਾਂ ਰਾਹੀਂ ਕਰ ਸਕਦੇ ਹਾਂ ਗੁਰੂ ਹੁਕਮ ਅਤੇ ਭਾਣੇ ਅੰਦਰ ਜੀਵਨ ਬਤੀਤ ਕਰਨਾ, ਚਾਹਵਾਨ ਨੂੰ ਗੁਰਬਾਣੀ ਤੇ ਇਸ ਦੇ ਅਰਥ ਸਿਖਾਉਣਾ, ਗੁਰਮਤਿ ਸਿਧਾਂਤਾਂ ਬਾਰੇ ਸੰਗਤ ਨੂੰ ਜਾਣੂ ਕਰਵਾਉਣ ਲਈ ਧਰਮ ਪ੍ਰਚਾਰ ਕਰਨਾ ਤੇ ਸਾਹਿਤ ਪ੍ਰਕਾਸ਼ਿਤ ਕਰਕੇ ਵੰਡਣਾ। ਖੁਦ ਧਰਮ, ਸਤਿਸੰਗਤ, ਪਰਉਪਕਾਰਤਾ ਦੇ ਨੈਤਿਕ ਫਰਜਾਂ ਨੂੰ ਨਿਭਾਉਣਾ ਤੇ ਫਿਰ ਦੂਜਿਆਂ ਨੂੰ ਇਸ ਵੱਲ ਪ੍ਰੇਰਿਤ ਕਰਨਾ ਆਦਿ। ਦੂਸਰੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਾਨਵ ਜੀਵਨ ਅੰਦਰ ਧਾਰਮਿਕ ਤੇ ਨੈਤਿਕ ਇਨਕਲਾਬ ਲਿਆਉਣ ਲਈ ਉਸਾਰੂ ਸੋਚ ਪੈਦਾ ਕਰਨ ਲਈ ਨਸ਼ਿਆਂ, ਕੁਕਰਮਾਂ, ਵਹਿਮਾਂ-ਭਰਮਾਂ, ਅੰਧ ਵਿਸ਼ਵਾਸਾਂ, ਵਰਣ ਵੰਡ, ਊਚ-ਨੀਚ, ਢਾਹੂ ਤੇ ਨਿਰਾਸ਼ਾਵਾਦੀ ਤਾਕਤਾਂ ਵਿਰੁੱਧ ਪ੍ਰਚਾਰ ਕਰਨਾ। ਗੁਰਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਕਈ ਵਾਰਾਂ ਇਸ ਸੇਵਾ ਨੂੰ ਬੇਹੱਦ ਸਲਾਹਿਆ ਗਿਆ ਹੈ।
1. ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ॥
2. ਗੁਨ ਗਾਇ ਸੁਨਿ ਲਿਖਿ ਦੇਇ॥ ਸੋ ਸਰਬ ਫਲ ਹਰਿ ਲੇਇ॥
3. ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਫਲ ਸਿਖ ਕਉ ਇਕ ਸ਼ਬਦ ਸਿਖਾਏ ਕਾ॥
4. ਗੁਰਸਿਖੀ ਦਾ ਸਿਖਣਾ ਗੁਰਮੁਖਿ ਸਾਘ ਸੰਗਤਿ ਦੀ ਸੇਵਾ॥
ਇਹ ਸੇਵਾ ਗੁਰਸਿੱਖ ਦੇ ਨਿਜ ਅਤੇ ਪਰ (ਸਮਾਜ ਤੇ ਸੰਗਤ) ਦੋਨਾਂ ਲਈ ਹੀ ਕਲਿਆਣਕਾਰੀ ਹੈ। ਜਿੱਥੇ ਉਹ ਆਪਾ ਸੰਵਾਰ ਕੇ ਸੰਗਤ ਨਾਲ ਪ੍ਰੇਮ ਦੀ ਸਾਂਝ ਪਾਉਂਦਾ ਹੈ ਉਥੇ ਪਿਆਰ ਤੇ ਏਕਤਾ ਨੂੰ ਵੀ ਮਜ਼ਬੂਤ ਕਰਦਾ ਹੈ। ਸੇਵਾ ਵਿੱਚ ਜੁਟਿਆ ਮਨ ਵਿਕਾਰਾਂ ਵੱਲ ਨਹੀਂ ਜਾਂਦਾ। ਕਾਬੂ ਰਹਿੰਦਾ ਹੈ ਤੇ ਨਿਰਮਲ ਬਣ ਜਾਂਦਾ ਹੈ।

3. ਆਤਮਿਕ ਕਾਲ : ਇਹ ਉਹ ਉਤਮ ਸੇਵਾ ਹੈ, ਜਿਸ ਰਾਹੀਂ ਗੁਰਸਿੱਖ ਖੁਦ ਗੁਰਪ੍ਰਸਾਦਿ ਸਦਕਾ ਮੋਹ ਮਾਇਆ ਤੋਂ ਉਪਰ ਉੱਠ ਕੇ, ਮਾਇਕ ਮੰਡਲਾਂ ਦੀ ਕੈਦ ਤੋਂ ਮੁਕਤ ਹੋ ਕੇ ਆਤਮਿਕ ਜੀਵਨ ਦੀਆਂ ਉਚ ਅਵਸਥਾਵਾਂ ਦਾ ਅਨੰਤਰਸ ਮਾਨਦਾ ਹੋਇਆ, ਇਲਾਹੀ ਖੇਡਾਂ ਖੇਡਦਾ ਹੈ, ਉਥੇ ਦੂਸਰਿਆਂ ਨੂੰ ਵੀ ਉਪਦੇਸ਼ ਦੇ ਕੇ ਇਸ ਮਾਰਗ ਉੱਪਰ ਤੋਰਨ ਵਿੱਚ ਸਹਾਇਕ ਬਣਦਾ ਹੈ। ਇਹ ਸੇਵਾ ਦੇ ਤਰਫੀ ਸੌਦੇਬਾਜ਼ੀ, ਹਉਮੈ ਤੇ ਹਰ ਪ੍ਰਕਾਰ ਦੇ ਸੁਆਰਥ ਤੋਂ ਬਹੁਤ ਉਪਰ ਉਠਕੇ ਆਪਾ ਤਿਆਗ ਦੀ ਭਾਵਨਾ ਨਾਲ ਹੀ ਕੀਤੀ ਜਾ ਸਕਦੀ ਹੈ। ਇਹ ਆਮ ਮਨੁੱਖ ਦੇ ਵੱਸ ਦੀ ਖੇਡ ਨਹੀਂ। ਇਹ ਤਾਂ ਵਾਹਿਗੁਰੂ ਦੇ ਦਰ ਤੋਂ ਵਰੋਸਾਏ ਗੁਰਮੁਖ ਪਿਆਰਿਆਂ ਤੇ ਮਹਾਂਪੁਰਸ਼ਾਂ ਦੇ ਲੇਖੇ ਹੀ ਆਉਂਦੀ ਹੈ। ਜਿਹੜੇ ਆਪ ਮੁਕਤ ਹੁੰਦੇ ਹਨ ਤੇ ਦੂਸਰਿਆਂ ਨੂੰ ਮੁਕਤ ਹੋਣ ਦਾ ਸੰਦੇਸ਼ ਦਿੰਦੇ ਹਨ।

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥
ਇਸ ਸੇਵਾ ਰਾਹੀਂ ਹੀ ਨਾਮ ਤੇ ਨਾਮੀ ਦੀ ਪ੍ਰਾਪਤੀ ਹੁੰਦੀ ਹੈ। ਮਨ ਪਵਿੱਤਰ ਹੋ ਜਾਂਦਾ ਹੈ। ਮੋਹ-ਮਮਤਾ ਤੇ ਹਉਮੈਂ ਤੋਂ ਮੁਕਤੀ ਮਿਲਦੀ ਹੈ। ਜਨਮ-ਜਨਮਾਂਤਰਾਂ ਦੀ ਮਨ ਨੂੰ ਲੱਗੀ ਮੈਲ ਲਹਿ ਜਾਂਦੀ ਹੈ। ਪਾਪਾਂ-ਅਪਰਾਧਾਂ, ਦੁੱਖਾਂ, ਦੁਬਿਧਾ, ਦਵੈਸ਼ ਭਾਵਨਾ ਦਾ ਨਾਸ਼ ਹੋ ਜਾਂਦਾ ਹੈ। ਕਿਸੇ ਹੋਰ ਵਰਤ, ਨੇਮ, ਪੂਜਾ, ਅਰਚਨਾ ਤੇ ਧਾਰਮਿਕ ਕਾਰਜਾਂ ਦੀ ਲੋੜ ਨਹੀਂ ਰਹਿ ਜਾਂਦੀ। ਗੁਰਸਿੱਖ ਤ੍ਰੈਕਾਲ ਦਰਸ਼ਨੀ ਤੇ ਜੀਵਨ ਮੁਕਤ ਹੋ ਜਾਂਦਾ ਹੈ।
1. ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ॥
2. ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ॥
3. ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥
4. ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੁਖੁ ਉਤਾਰਿਓ॥
5. ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ॥ ਆਪੁ ਪਛਾਣਿ ਹਰਿ ਪਾਵੈ ਸੋਇ॥
ਉਕਤ ਤਿੰਨੋ ਸੇਵਾ ਵਿੱਚੋਂ ਕਿਸੇ ਵੀ ਕਿਸਮ ਦੀ ਸੇਵਾ ਉਹ ਗੁਰਮੁੱਖ ਪਿਆਰਾ ਕਰ ਸਕਦਾ ਹੈ। ਜਿਸ ਦੇ ਮਨ ਅੰਦਰ ਸੇਵਾ ਦੀ ਚਾਹ ਹੋਵੇ, ਸਰੀਰ ਅਰੋਗ ਹੋਵੇ, ਭਾਵਨਾ ਹੋਵੇ ਕਿਉਂਕਿ ਬਿਨਾਂ ਮਿਹਰ ਇਹ ਸੈਵਾ ਦਾ ਉਦਮ ਹੋ ਹੀ ਨਹੀਂ ਸਕਦਾ। ਸੇਵਾ ਦਾ ਚਾਉ, ਪ੍ਰੇਮ ਸਵੈਪਨਾ ਤੇ ਉਮਾਂਹ ਵੱਡੇ ਭਾਗਾਂ ਵਾਲੀਆਂ ਨੂੰ ਹੀ ਪ੍ਰਾਪਤ ਹੁੰਦਾ ਹੈ।
1. ਜਿਸ ਕੇ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ॥
2. ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰੁ॥
3. ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ॥
ਕਈ ਵਾਰ ਸੇਵਾ ਕਰਦਿਆਂ ਗੁਰਸਿੱਖ ਨੂੰ ਹਊਮੈ, ਮੋਹ ਤੇ ਸੁਆਰਥ ਦੀ ਭਾਵਨਾ ਮੱਲੋਮਲੀ ਆਣ ਘੇਰਦੀ ਹੈ। ਉਹ ਧਾਰਮਿਕ ਸੌਦੇਬਾਜੀਆ, ਮਾਣ-ਸਨਮਾਨ, ਮਾਇਕ ਲਾਭ ਤੇ ਨਿੱਜ ਸੁਆਰਥ ਦੀ ਜਕੜ ਵਿੱਚ ਕੈਦ ਹੋ ਜਾਂਦੇ ਹਨ। ਜਿਸ ਨਾਲ ਨਾ ਕੇਵਲ ਆਤਮਿਕ ਤਰੱਕੀ ਹੀ ਰੁਕਦੀ ਹੈ, ਸਗੋਂ ਰਸਾਤਲ ਦੀ ਡੂੰਘੀ ਖਾਈ ਵਿੱਚ ਡਿਗਦੇ ਮੁੜ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਨ। ਸੋ ਸੇਵਾ ਕਰਦਿਆਂ ਸੱਚੀ, ਸ਼ਰਧਾ, ਨਿਰਸੁਆਰਥ ਨਿਸ਼ਕਾਮ ਭਾਵਨਾ ਦੇ ਨਾਲ ਨਾਲ ਮੈ ਮੇਰੀ ਦਾ ਤਿਆਗ ਹੋਣ/ਅਤੀ ਜਰੂਰੀ ਹੈ ਜਿਸਦੀ ਪ੍ਰਾਪਤੀ ਸਤਿਗੁਰਾਂ ਦੀ ਮਿਹਰ ਤੇ ਖੁਸ਼ੀ ਸਦਕਾ ਹੀ ਪ੍ਰਾਪਤ ਹੋ ਸਕਦੀ ਹੈ। ਆਓ, ਅਸੀਂ ਵੀ ਸੇਵਾ ਦੇ ਕਾਰਜ ਕਰਨ ਦਾ ਉਦਮ ਹਾਸਲ ਕਰਨ ਲਈ ਸਤਿਗੁਰਾਂ ਅੱਗੇ ਤਰਲੇ, ਮਿੰਨਤ ਤੇ ਜੋਦੜੀ ਕਰੀਏ ਤਦ ਹੀ ਸਾਡਾ ਜਗ ਤੇ ਆਇਆ ਜੀਵਨ ਸਫਲਾ ਹੋ ਸਕਦਾ ਹੈ।

ਸਰਬੱਤ ਦਾ ਭਲਾ ਸੇਵਾ ਦਲ ਦੇ ਨਿਯਮ ਤੇ ਉਦੇਸ਼

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ:) ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ, ਜਿਲ੍ਹਾ ਸੰਗਰੂਰ ਵੰਲੋਂ ਨੌਜਵਾਨ ਵਰਗ ਨੂੰ ਸਮਾਜ ਸੇਵਾ ਅਤੇ ਧਰਮ ਵੱਲ ਪ੍ਰੇਰਿਤ ਕਰਨ ਲਈ ਸਰਬੱਤ ਦਾ ਭਲਾ ਸੇਵਾ ਦਲ ਦਾ ਗਠਨ, ਸੰਤ ਬਾਬਾ ਦਲੇਰ ਸਿੰਘ ਜੀ ਖਾਲਸਾ ਖੇੜੀ ਵਾਲਿਆਂ ਦੀ ਸ੍ਰਪਰਸਤੀ ਹੇਠ ਕੀਤਾ ਗਿਆ। ਜਿਸ ਵਿੱਚ ਹਰ ਧਰਮ, ਜਾਤ, ਵਰਗ ਦੇ ਨੌਜਵਾਨ ਬਿਨਾਂ ਸੰਕੋਚ ਮੈਂਬਰ ਬਣ ਕੇ ਪਰਉਪਕਾਰੀ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ।
1. ਸਰਬੱਤ ਦਾ ਭਲਾ ਸੇਵਾ ਦਲ ਦਾ ਕਿਸੇ ਤਰ੍ਹਾਂ ਵੀ ਰਾਜਨੀਤੀ ਨਾਲ ਸੰਬੰਧ ਨਹੀਂ, ਇਹ ਨਿਰੋਲ ਧਰਮ ਨਿਰਪੱਖ ਤੇ ਸਮਾਜਿਕ ਜਥੇਬੰਦੀ ਹੈ, ਜੋ ਹਰ ਧਰਮ, ਜਾਤ, ਵਰਗ ਦੇ ਨੌਜਵਾਨਾਂ ਨੂੰ ਆਪਣੇ ਆਪਣੇ ਧਰਮ ਪ੍ਰਪੱਖ ਰਹਿੰਦਿਆਂ ਸਮਾਜ ਅੰਦਰ ਸਮੇਂ ਸਮੇਂ ਪਰਉਪਕਾਰੀ ਕਾਰਜ ਕਰਨ ਲਈ ਉਤਸ਼ਾਹਿਤ ਕਰਦਾ ਹੈ। ਤਾਂ ਜੋ ਨੌਜਵਾਨ ਵਰਗ ਨਸ਼ਿਆਂ ਅਤੇ ਹੋਰ ਸਮਾਜਿਕ ਅਲਾਮਤਾਂ ਤੋਂ ਦੂਰ ਰਹਿ ਕੇ ਸਮਾਜ ਤੇ ਧਰਮ ਖੇਤਰ ਅੰਦਰ ਆਪਣਾ ਹਿੱਸਾ ਪਾਉਂਦਿਆਂ ਲੋਕ ਸੁਖੀਏ ਪ੍ਰਲੋਕ ਸੁਹੇਲੇ ਬਣ ਸਕੇ।
2. ਸੇਵਾ ਦਲ ਦੇ ਪ੍ਰਮੁੱਖ ਕਾਰਜ ਮਾਨਵਤਾ ਦੀ ਤੰਦਰੁਸਤੀ ਵਾਸਤੇ ਸਮੇਂ ਸਮੇਂ ਹਰ ਪ੍ਰਕਾਰ ਦੀਆਂ ਬਿਮਾਰੀਆਂ ਲਈ ਮੈਡੀਕਲ, ਖੂਨਦਾਨ, ਅੱਖਾਂ ਦੇ ਆਪ੍ਰੇਸ਼ਨ ਤੇ ਨਸ਼ਾ ਛੁਡਾਊ ਆਦਿ ਦੇ ਮੁਫਤ ਕੈਂਪ ਆਯੋਜਿਤ ਕਰਨ।
3. ਗੰਦਲੇ ਹੋ ਰਹੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਾਉਣੇ ਅਤੇ ਦੂਸਰਿਆਂ ਨੂੰ ਪੌਦੇ ਲਾਉਣ ਲਈ ਪ੍ਰੇਰਿਤ ਕਰਨਾ।
4. ਲੋੜਵੰਦ ਲੜਕੀਆਂ ਦੇ ਵਿਆਹ ਤੇ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਦੀ ਆਰਥਿਕ ਮੱਦਦ ਕਰਨੀ।
5. ਗਰੀਬਾਂ ਤੇ ਮਰੀਜਾਂ ਦੀ ਦਿਸ਼ਾ ਸੁਧਾਰਣ ਦੇ ਉਪਰਾਲੇ ਕਰਨੇ।
6. ਹਰ ਧਰਮ ਦਾ ਸਤਿਕਾਰ ਤੇ ਇਨਸਾਨੀਅਤ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ।
7. ਸਿੱਖ ਨੌਜਵਾਨਾਂ ਨੂੰ ਗੁਰਮਤਿ ਵਿਚਾਰਧਾਰਾ ਤੇ ਸਿੱਖ ਇਤਿਹਾਸ ਦ੍ਰਿੜ ਕਰਵਾ ਕੇ ਪਤਿਤਤਾਈ ਅਤੇ ਨਸ਼ਿਆਂ ਆਦਿ ਅਲਾਮਤਾਂ ਦੇ ਮਾਰੂ ਰੋਗਾਂ ਤੋਂ ਬਚਾਉਣਾ। ਇਸੇ ਪ੍ਰਕਾਰ ਦੂਸਰੇ ਧਰਮਾਂ ਦੇ ਨੌਜਵਾਨਾਂ ਨੂੰ ਵੀ ਆਪਣੇ ਧਰਮ ਉਪਦੇਸ਼ਾਂ ਉੱਪਰ ਚਲਦਿਆਂ ਮਾਨਵਤਾ ਦੀ ਸੇਵਾ ਵਿੱਚ ਜੁਟੇ ਰਹਿਣ ਲਈ ਪ੍ਰੇਰਿਤ ਕਰਨਾ।
8. ਸਮਾਜ ਅੰਦਰ ਫੈਲ ਰਹੀਆਂ ਮਾਦਾ ਭਰੂਣ ਹੱਤਿਆ ਦਹੇਜ, ਨਸ਼ੇ, ਦੂਸ਼ਿਤ ਵਾਤਾਵਰਣ ਆਦਿ ਬੁਰਾਇਆਂ ਦੀ ਰੋਕਥਾਮ ਅਤੇ ਰੁੱਖ-ਕੁੱਖ ਤੇ ਪਾਣੀ ਦੀ ਸੰਭਾਲ ਲਈ ਸਮੇਂ ਸਮੇਂ ਸਮਾਗਮ ਆਯੋਜਿਤ ਕਰਨੇ।
9. ਨੌਜਵਾਨ ਤਬਕੇ ਦੀ ਸਮਾਜਿਕ ਤੇ ਆਰਥਿਕ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਸਕੂਲਾਂ/ਕਾਲਜਾਂ ਅੰਦਰ ਸਮਾਰੋਹ ਕਰਕੇ ਉਨ੍ਹਾਂ ਨੂੰ ਸਮਾਜ ਅਤੇ ਧਰਮ ਦੇ ਪ੍ਰਤੀ ਆਪਣੇ ਸਹੀ ਫਰਜ ਨਿਭਾਉਣ, ਮਾਤਾ ਪਿਤਾ, ਬਜੁਰਗਾਂ ਤੇ ਹੋਰ ਸਤਿਕਾਰਤ ਹਸਤੀਆਂ ਦਾ ਸਤਿਕਾਰ ਅਤੇ ਬਿਰਧ ਤੇ ਬੀਮਾਰ ਬਜੁਰਗਾਂ ਦੀ ਸੇਵਾ ਸੰਭਾਲ ਲਈ ਪ੍ਰੇਰਿਤ ਕਰਨਾ।
10. ਸਮਾਜ ਅੰਦਰ ਹਰ ਚੜ੍ਹਦੇ ਸੂਰਜ ਧਰਮ ਪ੍ਰਤੀ ਪੈਦਾ ਹੋ ਰਹੀ ਬੇਰੁਖੀ, ਵਧ ਰਹੀ ਮਾਨਸਿਕਤਾ ਫੈਲ ਰਹੇ ਪਾਖੰਡ, ਭਰਮ, ਅੰਧਵਿਸ਼ਵਾਸ ਜਾਤੀਵਾਦ ਆਦਿ ਤੋਂ ਨੌਜਵਾਨਾਂ ਨੂੰ ਸੁਚੇਤ ਕਰਕੇ ਨਵੀਂ ਤੇ ਉਸਾਰੂ ਸੋਚ ਵਾਲੀ ਦਿਸ਼ਾ ਪ੍ਰਦਾਨ ਕਰਵਾਉਣ ਦੇ ਯਤਨ ਕਰਨੇ।
11. ਸੇਵਾ ਦਲ ਦੀਆਂ ਪਿੰਡਾਂ ਤੇ ਸ਼ਹਿਰਾਂ ਅੰਦਰ ਇਕਾਈਆਂ ਗਠਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੇਵਾ ਦੇ ਉਕਤ ਕਾਰਜ ਜਲਦੀ ਹੀ ਆਰੰਭੇ ਜਾਣ। ਸੋ ਹਰ ਨੌਜਵਾਨ ਵੀਰ ਤੇ ਭੈਣ ਦਾ ਫਰਜ ਹੈ ਕਿ ਉਹ ਇਸਦੀ ਮੈਂਬਰਸ਼ਿਪ ਹਾਸਲ ਕਰਕੇ ਧਰਮ ਤੇ ਸਮਾਜ ਦੀ ਸੇਵਾ ਕਰਦਿਆਂ ਲੋਕ ਸੁਖੀਏ-ਪ੍ਰਲੋਕ ਸਹੇਲੇਂ ਬਨਣ ਲਈ ਅੱਗੇ ਆਉਣ ਤਾਂ ਜੋ ਨਸ਼ਾ ਤੇ ਹੋਰ ਬੁਰਾਈਆਂ ਤੋਂ ਮੁਕਤ ਨਵ ਸਮਾਜ ਦਾ ਨਿਰਮਾਣ ਕਰਕੇ ਭਗਤ ਰਵਿਦਾਸ ਜੀ ਦੇ ਬੇਗਮਪੁਰੇ ਵਾਲਾ ਸੁਪਨਾ ਸਾਕਾਰ ਕੀਤਾ ਜਾ ਸਕੇ।